ਮਰਦਾਨਾ ਕਮਜ਼ੋਰੀ ਦੇ ਲੱਛਣ

ਚਾਲੀ ਸਾਲ ਤੋਂ ਵੱਧ ਉਮਰ ਦੇ ਲਗਪਗ 50 ਫ਼ੀਸਦੀ ਮਰਦ ਮਰਦਾਨਾ ਕਮਜ਼ੋਰੀ ਦੇ ਚੱਕਰਾਂ ਵਿੱਚ ਹਕੀਮਾਂ ਜਾਂ ਡਾਕਟਰਾਂ ਦੇ ਗੇੜੇ ਕੱਢਦੇ ਰਹਿੰਦੇ ਹਨ। ਜਰਨਲ ਆਫ ਸੈਕਸੂਅਲ ਮੈਡੀਸਿਨ ਅਨੁਸਾਰ 40 ਸਾਲਾਂ ਤੋਂ ਘੱਟ ਉਮਰ ਦੇ ਲਗਪਗ 26 ਫ਼ੀਸਦੀ ਮਰਦ ਵੀ ਇਸੇ ਕਮਜ਼ੋਰੀ ਤੋਂ ਪੀੜਤ ਲੱਭੇ ਗਏ ਹਨ।

ਇਸੇ ਖੋਜ ਨੂੰ ਆਧਾਰ ਬਣਾ ਕੇ ਵਿਆਗਰਾ ਗੋਲੀ ਬਣਾਉਣ ਵਾਲੀ ਕੰਪਨੀ ਖ਼ਰਬਾਂ ਡਾਲਰਾਂ ਦੀ ਕਮਾਈ ਕਰ ਰਹੀ ਹੈ। ਸ਼ੁਰੂ ਸ਼ੁਰੂ ਵਿੱਚ ਦੁਨੀਆਂ ਭਰ ਵਿੱਚ ਮਰਦਾਨਾ ਕਮਜ਼ੋਰੀ ਦਾ ਕਾਰਨ ਸਿਰਫ਼ ਮਾਨਸਿਕ ਤਣਾਓ ਹੀ ਮੰਨਿਆ ਗਿਆ ਸੀ ਜਿਸ ਦਾ ਫ਼ਾਇਦਾ ਚੁੱਕ ਕੇ ਨੀਮ ਹਕੀਮਾਂ ਨੇ ਸੜਕਾਂ ਕਿਨਾਰੇ ਸ਼ਿਲਾਜੀਤ ਵੇਚਣ ਦਾ ਧੰਦਾ ਹੀ ਬਣਾ ਲਿਆ ਤੇ ਅਨੇਕ ਨੌਜਵਾਨ ਸ਼ਰਮ ਦੇ ਮਾਰੇ, ਓਹਲਾ ਰੱਖਣ ਸਦਕਾ ਸਪੈਸ਼ਲਿਸਟ ਡਾਕਟਰਾਂ ਕੋਲ ਜਾਣ ਦੀ ਬਜਾਏ ਇਨ੍ਹਾਂ ਸੜਕ ਛਾਪ ਡਾਕਟਰਾਂ ਦੇ ਗੇੜੇ ਕੱਢਦੇ ਰਹੇ। ਇਹ ਰੁਝਾਨ ਹੁਣ ਤਕ ਜਾਰੀ ਹੈ।

ਸਟੈਨਫਰਡ ਮੈਡੀਕਲ ਸੈਂਟਰ (ਅਮਰੀਕਾ) ਦੇ ਡਾਕਟਰ ਮਾਈਕਲ ਨੇ ਅਨੇਕ ਮਰੀਜ਼ਾਂ ਦਾ ਚੈੱਕਅਪ ਕਰਕੇ ਜਿਹੜੇ ਕਾਰਨ ਲੱਭੇ ਉਨ੍ਹਾਂ ਵਿੱਚ ਸਿਗਰਟ ਪੀਣਾ ਅਤੇ ਕੋਲੈਸਟਰੋਲ ਦਾ ਵਾਧਾ ਆਦਿ ਤੋਂ ਲੈ ਕੇ ਅੰਗ ਦੀ ਬਣਤਰ ਵਿੱਚ ਜਮਾਂਦਰੂ ਨੁਕਸ ਤਕ ਸ਼ਾਮਲ ਸਨ। ਇਨ੍ਹਾਂ ਕਾਰਨਾਂ ਦਾ ਵਿਸਥਾਰਤ ਵਿਸ਼ਲੇਸ਼ਣ ਇਸ ਤਰ੍ਹਾਂ ਹੈ:

ਤਣਾਓ: ਵੀਹ ਤੋਂ ਤੀਹ ਸਾਲ ਦੇ ਨੌਜਵਾਨਾਂ ਵਿੱਚ ਆਪਣੀ ਸਰੀਰਿਕ ਸਮਰੱਥਾ ਨੂੰ ਲੈ ਕੇ ਇੰਨਾ ਗੰਭੀਰ ਤਣਾਓ ਵੇਖਣ ਵਿੱਚ ਆਇਆ ਕਿ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ, ਬਿਨਾਂ ਰੋਗ ਦੇ ਵੀ ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਹੋਏ ਲੱਭੇ। ਬਹੁਤ ਸਾਰੇ ਗੱਭਰੂ ਹਸਤਮੈਥੁਨ ਨੂੰ ਬਿਮਾਰੀ ਮੰਨ ਕੇ ਆਪੇ ਹੀ ਕਮਜ਼ੋਰ ਬਣ ਬੈਠੇ। ਇਹ ਸਭ ਮਾਨਸਿਕ ਤਣਾਓ ਹੀ ਹੈ ਹੋਰ ਕੁਝ ਨਹੀਂ। ਯੂਰੋਲੋਜੀ ਦੇ ਸਹਾਇਕ ਪ੍ਰੋਫੈਸਰ ਜੋਜ਼ੇਫ ਨੇ ਪੈਨੀਸਿਲਵੈਨੀਆ ਦੀ ਯੂਨੀਵਰਸਿਟੀ ਵਿਖੇ ਬਹੁਤ ਸਾਰੇ ਨੌਜਵਾਨ ਮਰੀਜ਼ਾਂ ਵਿੱਚ ਇਹੋ ਕਾਰਨ ਲੱਭਿਆ ਜਿੱਥੇ ਪਹਿਲੀ ਵਾਰ ਸਹਿਵਾਸ ਦੀ ਘਬਰਾਹਟ ਸਦਕਾ ਮਜ਼ਾਕ ਉੱਡ ਜਾਣ ਨਾਲ ਆਪਣੇ ਆਪ ਨੂੰ ਸਦੀਵੀ ਤੌਰ ਉੱਤੇ ਨਾਮਰਦ ਮੰਨ ਕੇ ਬਹਿ ਗਏ। ਕਈ ਇਸ ਤਰ੍ਹਾਂ ਦੇ ਮਰੀਜ਼ ਸਿਰਫ਼ ਆਪਣੀ ਮਰਦਾਨਗੀ ਦਾ ਟੈਸਟ ਕਰਨ ਲਈ ਨਾਬਾਲਗ ਬੱਚੀਆਂ ਦਾ ਜਬਰਜਨਾਹ ਕਰਨ ਦੀ ਧੁਨ ਪਾਲ ਬੈਠੇ।

ਬਹੁਤ ਜ਼ਿਆਦਾ ਸਾਈਕਲ ਚਲਾਉਣ ਕਾਰਨ: ਹਰ ਸਾਈਕਲ ਚਲਾਉਣ ਵਾਲੇ ਨਾਲ ਅਜਿਹਾ ਨਹੀਂ ਹੁੰਦਾ ਪਰ ਜੇ ਕੁਝ ਮੀਲ ਸਾਈਕਲ ਚਲਾਉਣ ਬਾਅਦ ਮਰਦਾਵਾਂ ਅੰਗ ਜਾਂ ਉਸ ਦੇ ਦੁਆਲੇ ਦਾ ਹਿੱਸਾ ਸੁੰਨ ਜਿਹਾ ਹੁੰਦਾ ਜਾਪੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਹਿੱਸੇ ਦੀ ਨਸ ਉੱਤੇ ਦਬਾਅ ਪੈ ਰਿਹਾ ਹੈ। ਅਜਿਹੇ ਕੇਸਾਂ ਵਿੱਚ ਗਦੂਦ ਹੇਠੋਂ ਲੰਘ ਰਹੀਆਂ ਨਸਾਂ ਸਾਈਕਲ ਦੀ ਸੀਟ ਨਾਲ ਫਿਸ ਕੇ ਹਿੱਸੇ ਨੂੰ ਸੁੰਨ ਕਰ ਦਿੰਦੀਆਂ ਹਨ। ਸਾਈਕਲ ਦੀ ਸੀਟ ਬਦਲਣ ਨਾਲ ਵੀ ਜੇ ਆਰਾਮ ਨਾ ਜਾਪੇ ਤਾਂ ਸਾਈਕਲ ਚਲਾਉਣਾ ਛੱਡਣ ਵਿੱਚ ਹੀ ਭਲਾਈ ਹੈ।

ਸ਼ਰਾਬ ਅਤੇ ਨਸ਼ਾ: ਬਹੁਤ ਜਣੇ ਪੱਕਾ ਭਰਮ ਪਾਲੀ ਬੈਠੇ ਹਨ ਕਿ ਉਨ੍ਹਾਂ ਨੂੰ ਸ਼ਰਾਬ ਪੀਣ ਨਾਲ ਚੰਗਾ ਮਹਿਸੂਸ ਹੁੰਦਾ ਹੈ ਤੇ ਸਰੀਰਕ ਤਾਕਤ ਵਧੀ ਹੋਈ ਲਗਦੀ ਹੈ। ਅੰਗ ਦੀ ਸੁਡੌਲਤਾ ਉੱਤੇ ਇਸ ਦਾ ਉੱਕਾ ਕੋਈ ਅਸਰ ਨਹੀਂ ਹੁੰਦਾ। ਨਸ਼ਾ ਜਾਂ ਸ਼ਰਾਬ ਦਿਮਾਗ ਉੱਤੇ ਜ਼ਰੂਰ ਵਕਤੀ ਅਸਰ ਪਾਉਂਦੇ ਹਨ ਜਿਵੇਂ ਬੰਦਾ ਸੁਰਖ਼ਰੂ ਹੋ ਕੇ ਉੱਚੀ ਉਡਾਣ ਭਰ ਰਿਹਾ ਹੋਵੇ। ਮਰਦਾਨਗੀ ਨਾਲ ਇਸ ਦਾ ਉੱਕਾ ਕੋਈ ਸਬੰਧ ਨਹੀਂ ਹੈ। ਸ਼ਰਾਬ ਤਾਂ ਸਗੋਂ ਬੰਦੇ ਨੂੰ ਢਹਿੰਦੀ ਕਲਾ ਵੱਲ ਲੈ ਜਾਂਦੀ ਹੈ। ਦੋ ਪੈੱਗ ਤੋਂ ਵੱਧ ਲੈ ਚੁੱਕੇ ਅਨੇਕ ਮਰਦਾਂ ਦੀ ਇਹੋ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਤੋਂ ਸਰੀਰਕ ਸਬੰਧ ਬਣਾਏ ਨਹੀਂ ਜਾਂਦੇ।

ਕੋਕੀਨ ਲੈਣ ਦੇ ਸ਼ੌਕੀਨ ਇਹ ਸਮਝ ਲੈਣ ਕਿ ਉਨ੍ਹਾਂ ਦੇ ਸਰੀਰ ਅੰਦਰਲੀ ਟੈਸਟੋਸਟੀਰੋਨ ਦੀ ਮਾਤਰਾ ਘਟ ਜਾਂਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਆਉਣੀ ਸੁਭਾਵਿਕ ਹੈ। ਇਸ ਦੀ ਵਰਤੋਂ ਨਾਲ ਉਹ ਨਿਪੁੰਸਕ ਵੀ ਬਣ ਸਕਦੇ ਹਨ। ਇਹੋ ਕਾਰਨ ਹੈ ਕਿ ਪੰਜਾਬ ਅੰਦਰ ਨਸ਼ੇ ਦੀ ਵਧਦੀ ਵਰਤੋਂ ਸਦਕਾ ਢੇਰਾਂ ਦੇ ਢੇਰ ਨੌਜਵਾਨ ਨਿਪੁੰਸਕ ਬਣਦੇ ਜਾ ਰਹੇ ਹਨ।

Your ads will be inserted here by

Easy Plugin for AdSense.

Please go to the plugin admin page to
Paste your ad code OR
Suppress this ad slot.

ਜ਼ੁਕਾਮ ਦੀ ਦਵਾਈ: ਜ਼ੁਕਾਮ ਲਈ ਆਮ ਵਰਤੀ ਜਾਂਦੀ ਦਵਾਈ ਵਿੱਚ ਸੂਡੋਫੈਡਰੀਨ ਹੁੰਦੀ ਹੈ, ਜੋ ਸਰੀਰ ਅੰਦਰ ਐਪੀਨੈਫਰੀਨ ਵਧਾ ਦਿੰਦੀ ਹੈ। ਇਸ ਨਾਲ ‘ਕਰੋ ਜਾਂ ਮਰੋ’ ਵਰਗਾ ਅਹਿਸਾਸ ਹੁੰਦਾ ਹੈ। ਮਸਲਨ ਸਾਹਮਣੇ ਸ਼ੇਰ ਵੇਖ ਕੇ ਜਾਂ ਤਾਂ ਉਸ ਉੱਤੇ ਟੁੱਟ ਪਵੋ ਜਾਂ ਭੱਜ ਕੇ ਜਾਨ ਬਚਾ ਲਵੋ। ਸਰੀਰ ਅੰਦਰਲੇ ਅਜਿਹੇ ਹਾਲਾਤ ਵਿੱਚ ਕੋਈ ਕਿਵੇਂ ਸਰੀਰਕ ਸਬੰਧ ਬਣਾਉਣ ਬਾਰੇ ਸੋਚ ਸਕਦਾ ਹੈ। ਇਸੇ ਲਈ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਜੋ ਵਕਤੀ ਹੁੰਦੀ ਹੈ। ਕਈ ਲੋਕ ਅਜਿਹੀ ਵਕਤੀ ਗੜਬੜੀ ਕਾਰਨ ਵੀ ਝੱਟਪਟ ਢਹਿੰਦੀ ਕਲਾ ਵੱਲ ਤੁਰ ਜਾਂਦੇ ਹਨ ਤੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਨ। ਸੂਡੋਫੈਡਰੀਨ ਤੋਂ ਅੱਗੋਂ ਕਈ ਲੈਬਾਰਟਰੀਆਂ ਵਿੱਚ ‘ਚਿੱਟਾ’ ਬਣਾਇਆ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਸਦੀਵੀ ਨੁਕਸਾਨ ਹੋ ਸਕਦਾ ਹੈ।

ਸ਼ੱਕਰ ਰੋਗ: ਸ਼ੱਕਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ੱਕਰ ਰੋਗ ਦਾ ਠੀਕ ਤਰ੍ਹਾਂ ਇਲਾਜ ਨਾ ਕਰਵਾਉਣ ਸਦਕਾ ਬਥੇਰੇ ਰੋਗੀ ਹੌਲੀ ਹੌਲੀ ਨਾਮਰਦ ਬਣਦੇ ਜਾ ਰਹੇ ਹਨ। ਇਸੇ ਲਈ ਸ਼ੱਕਰ ਰੋਗੀਆਂ ਨੂੰ ਲਹੂ ਵਿੱਚ ਨਿਰਣੇ ਕਾਲਜੇ ਸ਼ੱਕਰ ਦੀ ਮਾਤਰਾ ਨੂੰ 110 ਤਕ ਰੱਖਣ ਦੀ ਸਲਾਹ ਦਿੱਤੀ ਗਈ ਹੈ। ਜੇ ਗੋਲੀਆਂ ਨਾਲ ਸ਼ੂਗਰ 110 ਤੋਂ ਉੱਪਰ ਹੋਵੇ ਤਾਂ ਝਟਪਟ ਇਨਸੂਲਿਨ ਦੇ ਟੀਕਿਆਂ ਨੂੰ ਸ਼ੁਰੂ ਕਰ ਲੈਣਾ ਚਾਹੀਦਾ ਹੈ। ਇੰਜ ਮਰੀਜ਼ ਆਪਣੀ ਮਰਦਾਨਗੀ ਬਰਕਰਾਰ ਰੱਖ ਸਕਦੇ ਹਨ। ਸ਼ੂਗਰ ਦੀ ਬਿਮਾਰੀ ਵਿੱਚ ਸਰੀਰ ਅੰਦਰ ਨਾਈਟਰਿਕ ਐਸਿਡ ਘੱਟ ਬਣਨ ਲੱਗ ਪੈਂਦਾ ਹੈ। ਨਾਈਟਰਿਕ ਐਸਿਡ ਦਾ ਕੰਮ ਸਕਿੰਟਾਂ ਵਿੱਚ ਮਰਦਾਵੇਂ ਅੰਗ ਨੂੰ ਲਹੂ ਪਹੁੰਚਾਉਣਾ ਹੈ। ਇਸੇ ਲਈ ਸ਼ੂਗਰ ਦੀ ਬਿਮਾਰੀ ਦਾ ਸਹੀ ਇਲਾਜ ਹੋਣਾ ਜ਼ਰੂਰੀ ਹੈ ਅਤੇ ਲਹੂ ਵਿੱਚ ਸ਼ੱਕਰ ਦੀ ਮਾਤਰਾ 110 ਤੋਂ ਉੱਪਰ ਕਿਸੇ ਹਾਲ ਵਿੱਚ ਨਹੀਂ ਜਾਣ ਦੇਣੀ ਚਾਹੀਦੀ।

ਬਲੱਡ ਪ੍ਰੈਸ਼ਰ ਦਾ ਵਾਧਾ: ਬਲੱਡ ਪ੍ਰੈੱਸ਼ਰ ਦੀ ਬਿਮਾਰੀ ਨੂੰ ਜੇ ਛੇਤੀ ਕਾਬੂ ਵਿੱਚ ਨਾ ਕੀਤਾ ਜਾਵੇ ਤਾਂ ਇਹ 20 ਸਾਲਾਂ ਦੇ ਬੰਦੇ ਦੇ ਸਰੀਰ ਨੂੰ ਵੀ 60 ਸਾਲ ਦੀ ਉਮਰ ਵਾਂਗ ਕਰ ਦਿੰਦੀ ਹੈ। ਸਰੀਰ ਢਿੱਲਾ, ਥੱਕਿਆ ਅਤੇ ਸਿਰ ਪੀੜ ਆਦਿ ਨਾਲ ਮੂਡ ਦਾ ਸੱਤਿਆਨਾਸ ਵੱਜ ਜਾਂਦਾ ਹੈ।

ਕੈਂਸਰ: ਕੀਮੋਥੈਰੇਪੀ ਟੈਸਟੋਸਟੀਰੋਨ ਘਟਾ ਦਿੰਦੀ ਹੈ, ਜਿਸ ਨਾਲ ਮਰਦਾਵੇਂ ਅੰਗ ਨੂੰ ਲਹੂ ਦੀ ਸਪਲਾਈ ਘਟ ਜਾਂਦੀ ਹੈ। ਕਿਰਨਾਂ ਨਾਲ ਕੀਤੇ ਇਲਾਜ ਵਿੱਚ ਅੰਗ ਨੂੰ ਜਾਂਦੀਆਂ ਲਹੂ ਦੀਆਂ ਨਾੜੀਆਂ ਦੀ ਪਰਤ ਜਾਂ ਨਸਾਂ ਵੀ ਖ਼ਰਾਬ ਹੋ ਸਕਦੀਆਂ ਹਨ। ਸਾਇੰਸ ਦੀ ਤਰੱਕੀ ਸਦਕਾ ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਖਾਣ ਨਾਲ ਕੈਂਸਰ ਦੇ ਇਲਾਜ ਦੌਰਾਨ ਵੀ ਵਧੀਆ ਅਸਰ ਵੇਖਿਆ ਗਿਆ ਹੈ।

ਸਿਗਰਟਨੋਸ਼ੀ: ਸਿਗਰਿਟ ਦੀ ਵਰਤੋਂ ਵੀ ਹੌਲੀ ਹੌਲੀ ਮਰਦਾਨਾ ਤਾਕਤ ਘਟਾ ਦਿੰਦੀ ਹੈ।

ਮੋਟਾਪਾ: ਮੋਟੇ ਤੌਰ ਉੱਤੇ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਹਰ ਉਹ ਨੁਕਸ ਜੋ ਦਿਲ ਲਈ ਹਾਨੀਕਾਰਕ ਹੈ, ਮਰਦਾਨਾ ਤਾਕਤ ਉੱਤੇ ਵੀ ਸੱਟ ਮਾਰਦਾ ਹੈ। ਜੇ ਸਰੀਰ ਦੀਆਂ ਹੋਰ ਨਸਾਂ ਵਿੱਚ ਰੋਕੇ ਦੀ ਬਿਮਾਰੀ ਹੈ ਅਤੇ ਥਿੰਦਾ ਜੰਮ ਚੁੱਕਿਆ ਹੈ ਤਾਂ ਇਸ ਦਾ ਮਤਲਬ ਹੈ ਮਰਦਾਨਾ ਤਾਕਤ ਵੀ ਘਟ ਜਾਣੀ ਹੋਈ। ਲਹੂ ਦਾ ਤੇਜ਼ ਵਹਾਅ ਅਤੇ ਇੱਕੋ ਥਾਂ ਕੁਝ ਸਮੇਂ ਲਈ ਇਕੱਠਾ ਹੋਣਾ ਹੀ ਸੁਖੜ ਅੰਗ ਦਾ ਕਾਰਨ ਹੁੰਦਾ ਹੈ।

ਖੋਜਾਂ ਰਾਹੀਂ ਸਾਬਤ ਹੋ ਚੁੱਕਿਆ ਹੈ ਕਿ ਤੰਦਰੁਸਤ ਸਰੀਰ, ਤਣਾਓ ਰਹਿਤ ਦਿਮਾਗ, ਨਸ਼ੇ ਤੋਂ ਤੌਬਾ, ਸੰਤੁਲਿਤ ਖ਼ੁਰਾਕ, ਘਰੇਲੂ ਝਗੜਿਆਂ ਤੋਂ ਰਾਹਤ, ਸੁਖਾਵਾਂ ਮਾਹੌਲ, ਉਸਾਰੂ ਸੋਚ, ਇੱਕੋ ਪ੍ਰਤੀ ਨਿਸ਼ਠਾ, ਰੋਜ਼ਾਨਾ ਕਸਰਤ, ਮਧੁਰ ਸੰਗੀਤ, ਹਲਕੀ ਮਾਲਿਸ਼, ਬਿਮਾਰੀਆਂ ਦਾ ਛੇਤੀ ਅਤੇ ਸਹੀ ਇਲਾਜ ਹੀ ਮਰਦਾਨਾ ਤਾਕਤ ਬਰਕਰਾਰ ਰੱਖਣ ਵਿੱਚ ਸਹਾਈ ਸਾਬਤ ਹੋਏ ਹਨ।

ਡਾ. ਹਰਸ਼ਿੰਦਰ ਕੌਰ,ਐਮ.ਡੀ, ਰਾਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ।