ਵੇਖ ਲੈ ਜਸਵੰਤ ਕੁਰੇ, ਕਿਹੋ ਜਾ ਸਮਾਂ ਆ ਗਿਐ ਸੁਣਿਐ ਸੁਰਜੀਤੇ ਦੇ ਵੱਡੇ ਮੁੰਡੇ ਦਾ ਛੱਡ-ਛਡਾਓ ਹੋ ਗਿਆ

ਕਲਯੁੱਗ- ਵੇਖ ਲੈ ਜਸਵੰਤ ਕੁਰੇ, ਕਿਹੋ ਜਾ ਸਮਾਂ ਆ ਗਿਐ। ਸੁਣਿਐ ਸੁਰਜੀਤੇ ਦੇ ਵੱਡੇ ਮੁੰਡੇ ਦਾ ਛੱਡ-ਛਡਾਓ ਹੋ ਗਿਐ। ਅਜੇ ਚਾਰ ਕੁ ਮਹੀਨੇ ਹੀ ਤਾਂ ਹੋਏ ਤੀ ਵਿਆਹ ਨੂੰ। ਆਹੋ ਇਹ ਗੱਲ ਮੈਂ ਵੀ ਸੁਣੀ ਏ ਅਖੇ ਕਹਿੰਦੇ ਕੁੜੀ ਮੰਗਲੀਕ ਤੀ ਪਹਿਲਾਂ ਤਾਂ ਦੱਸਿਆ ਨੀ ਹੌਲੀ-ਹੌਲੀ ਪਤਾ ਲੱਗਿਆ ਜਦੋਂ ਇੱਕ ਦੋ ਪੰਡਤਾਂ ਕੋਲ ਗਏ”

ਮੰਗਲੀਕ ਉਹ ਕੀ ਹੁੰਦਾ “ਹੋਣੈ ਕੁੱਸ ਮੈਨੂੰ ਕੀ ਪਤੈ ਜੈ ਨੂੰ ਖਾਂਦਾ ਲੋਕਾਂ ਦਾ ਤਾਂ ਸਰਿਆ ਹੀ ਪਿਐ। “ਕਿਹੋ ਜਿਹਾ ਜਮਾਨਾ ਆ ਗਿਆ ਆਪਣੇ ਵੇਲੇ ਤਾਂ ਵੇਖ ਲੈ ਇਹਨਾਂ ਗੱਲਾਂ ਦਾ ਤਾਂ ਪਤਾ ਹੀ ਨੀ ਤੀ। ਕਿਹੜਾ ਪੱਤਰੀ ਦਿਖਾਉਂਦਾ ਤੇ ਕਿਹੜਾ ਢਾਲੇ ਕਰਵਾਉਂਦਾ। ਜੇ ਭਲਾਂ ਗੁੱਸਾ ਗਿਲਾ ਹੁੰਦਾ ਤਾਂ ਕੁੜੀ ਚਾਰ ਦਿਨ ਪੇਕੇ ਚਲੀ ਜਾਂਦੀ। ਦੋਵਾਂ ਨੂੰ ਘੂਰ ਦਿੰਦੇ ਗੱਲ ਠੰਡੀ ਪੈ ਜਾਂਦੀ।”

“ਪੱਟਤੀ ਦੁਨੀਆਂ ਮਮੈਲਾਂ ਨੇ ਸੁਣਿਐ ਦਿਨ ਚ ਚਾਰ-ਚਾਰ ਨਾਲ ਗੱਲ ਕਰਦੇ ਨੇ ਸਾਰਾ ਦਿਨ ਕੰਨ ਤੋਂ ਨਹੀਂ ਲਾਉਂਦੇ। ਅਖੇ ਸਿਆਣੇ ਕਹਿੰਦੇ ਜਿਹੜੀ ਜਨਾਨੀ ਨੂੰ ਆਪਣੇ ਖਸਮ ਦੀ ਇੱਜਤ ਦਾ ਖਿਆਲ ਨੀ ਉਹ ਭਲਾਂ ਸੁਖੀ ਕਿੱਥੋਂ ਰਹਿਲੂ। “ਬੰਦੇ ਵੀ ਹੁਣ ਉਹ ਨੀ ਰਹੇ। ਰੱਬ ਦਾ ਡਰ ਘੱਟ ਗਿਐ ਦਿਲਾਂ ਚੌ। ਬਾਹਰ ਖੇਅ ਖਾਂਦੇ ਫਿਰਦੇ ਨੇ। ਤਾਈਉ ਤਾਂ ਸਭ ਕੁਸ ਹੁੰਦੇ, ਵੀ ਲੋਕੀ ਦੁਖੀ ਨੇ। ਵੇਖ ਲੈ ਆਪਣੇ ਵੇਲੇ ਮੁੰਡੇ-ਕੁੜੀ ਨੂੰ ਵਿਖਾਉਂਦੇ ਨੀ ਤੀ। ਐਵੇਂ ਵਿਆਹ ਕਰ ਦਿੰਦੇ ਹੁਣ ਵਾਲਿਆਂ ਨੂੰ ਤਾਂ ਫੇਰ ਵੀ ਕਹਿ ਦਿੰਦੇ ਨੇ ਜੇ ਕੋਈ ਆਪਣੀ ਪਸੰਦ ਐ ਤਾਂ ਦੱਸ ਦਈਂ
ਜੇ ਤਾਂ ਇੱਕ ਹੋਵੇ ਤਾਂ ਦੱਸਣ ਪਤਾ ਨੀ ਕਿੱਥੇ-ਕਿੱਥੇ ਖੇਹ ਖਾਂਦੇ ਨੇ, ਅੱਜ ਕਿਤੇ ਹੋਰ ਕੱਲ ਕਿਤੇ ਹੋਰ।

“ਚਲੋ ਕੋਈ ਨੀ ਆਪਾਂ ਕੀ ਲੈਣੈ ਜਿਹੜਾ ਕਰੂ ਉਹੀ ਭਰੂ ਇਹੋ ਜੇ ਜਮਾਨੇ ਚ ਸੁੱਖ ਭਲਾਂ ਕਿੱਥੋਂ ਜਿਸ ਚ ਵਫਾਦਾਰੀ ਨਾ ਹੋਵੇ। ਖਸਮਾਂ ਨੂੰ ਖਾਣ ਆਪਾਂ ਕਿਉਂ ਝੁਰੀਏ। ਝੁਰਦੇ ਤਾਂ ਨੀ ਪਰ ਦਿਲ ਤਾਂ ਦੁਖਦਾ ਅੱਜ ਦੇ ਜਵਾਕਾਂ ਕੋਲ ਰਸਤੇ ਬਹੁਤ ਨੇ ਖੇਹ ਖਾਣ ਨੂੰ ਭਾਵੇਂ ਦਿਨ ਚ ਕਿੰਨੀ ਮਰਜੀ ਖਾ ਲੈਣ ਪਰ ਜਦੋਂ ਆਪਣੇ ਵਾਂਗ ਬੁਢਾਪਾ ਆ ਗਿਆ ਤਾਂ ਦੋਵੇ ਮੀਆਂ ਬੀਵੀ ਇਕੱਠੇ ਬੈਠ ਕੇ ਥੋੜਾ ਅੱਖ ਚ ਅੱਖ ਪਾ ਕੇ ਗੱਲ ਕਰ ਸਕਣ ਗੇ ਅੰਦਰੋਂ ਮਨ ਤਾਂ ਆਖਿਰ ਚੋਰ ਹੀ ਹੋਣਾ ਪਛਤਾਵਾ ਤਾਂ ਹੋਣੈ ਉਹਨਾਂ ਨੂੰ।

ਛੱਡੋ ਜੈ ਨੂੰ ਖਾਂਦਾ ਆਪਾਂ ਨੂੰ ਕੀ, ਮੈਂ ਚਾਹ ਬਣਾ ਕੇ ਲਿਆਈ। ਮੈਂ ਵੀ ਕਹਿਣ ਹੀ ਲੱਗਿਆ ਤੀ, ਦਿਲ ਦੀ ਬੁੱਝ ਲੀ ਤੂੰ। ਅੱਜ ਦੇ ਜਮਾਨੇ ਦੀ ਨੀ ਮੈ ਬਈ ਦੱਸਣ ਦੀ ਲੋੜ ਪਊ। ਜਿਊਦੀ ਰਹਿ ਲਾਣੇਦਾਰਨੀਏਂ, ਵਫਾਦਾਰੀ ਨਾਲ ਜਿੰਦਗੀ ਹਡਾਂ ਲੀ ਮੇਰੇ ਨਾਲ। ਆਪਣੇ ਹੀ ਮਨ ਵਿੱਚ ਉਹਨੇ ਇਹ ਗੱਲ ਕਹਿ ਕੇ ਲੰਮਾ ਜਿਹਾ ਹਉਕਾ ਭਰਿਆ।

ਲਿਖਤ – ਗੁਰਵਿੰਦਰ ਸਿੰਘ ਗੁਰੀ। ਐਡਿਟ ਰਣਜੀਤ ਧਾਲੀਵਾਲ