ਪੇਕੇ ਜਾਣ ਦਾ ਚਾਅ ਕਿਹੜੀ ਕੁੜੀ ਨੂੰ ਨੀ ਹੁੰਦਾ, ਕੱਲ੍ਹ ਹੀ ਦਿਨ ਗਿਣ ਕੇ ਹਟੀ ਹਾਂ

ਪੇਕੇ ਜਾਣ ਦਾ ਚਾਅ ਕਿਹੜੀ ਕੁੜੀ ਨੂੰ ਨੀ ਹੁੰਦਾ। ਕੱਲ੍ਹ ਹੀ ਦਿਨ ਗਿਣ ਕੇ ਹਟੀ ਹਾਂ। ਅਜੇ ਤਾਂ ਦੋ ਮਹੀਨੇ ਪਏ ਨੇ ਗਰਮੀਆਂ ਦੀਆਂ ਛੁੱਟੀਆਂ ਹੋਣ ਚ।ਐਨੀ ਗਰਮੀ ਵਿੱਚ ਵੀ ਕਾਲਜਾ ਠਰ ਜਾਂਦਾ ਪੇਕਿਆਂ ਦਾ ਨਾਂ ਲੈ ਕੇ, ਕਿਵੇਂ ਮੰਮੀ ਸਵੇਰੇ 7 ਵਜੇ ਤਕ ਨੀ ਉਠਾਉਂਦੀ। ਸੋਚਦੀ ਹੋਣੀ ਸਹੁਰੀਂ ਤਾਂ ਰੋਜ਼ ਜਲਦੀ ਉੱਠਣਾ ਪੈਂਦਾ ਹੀ ਅਾ। ਕਿਵੇਂ ਚੁਣ ਚੁਣ ਓਹੀ ਸਬਜ਼ੀਆਂ ਬਣਾਉ ਜਿਹੜੀਆਂ ਮੈਨੂੰ ਪਸੰਦ ਹੁੰਦੀਆਂ। ਕਹੂ ਥੋਡੇ ਓਥੇ ਫਲੀਆਂ ਨੀ ਖਾਂਦੇ,ਤੈਨੂੰ ਤਾਂ ਕਿੰਨੀਆਂ ਪਸੰਦ ਹੁੰਦੀਆਂ ਸੀ। ਅੱਜ ਆਪਾਂ ਫਲੀਆਂ ਹੀ ਬਣਾਵਾਂਗੇ।

ਜਿਹੜਾ ਵੀਰਾ ਰਾਤ ਨੂੰ 9-10 ਵਜੇ ਤੱਕ ਘਰੇ ਨੀ ਆਉਂਦਾ ਓਹ ਵੀ ਸੱਤ ਵਜੇ ਤੋਂ ਪਹਿਲਾਂ ਅਾ ਜਾਂਦਾ , ਕਹੂ ਰੋਟੀ ਕੱਠੇ ਖਾਵਾਂਗੇ। ਰੋਜ਼ ਆਪਣੇ ਅੱਡ ਕਮਰੇ ਚ ਸੌਣ ਵਾਲਾ ਫੇਰ ਹੌਲੀ ਹੌਲੀ ਕਹੂ ਮੈਂ ਤਾਂ ਇੱਥੀ ਥੋਡੇ ਕੋਲ ਮੰਜਾ ਡਾਹ ਲੈਣਾ,ਉੱਤੇ ਕੱਲਾ ਕੀ ਕਰੂੰ।ਸੱਚੀਂ ਓਦੋਂ ਬਾਹਲਾ ਮੋਹ ਆਉਂਦਾ ਓਹਦਾ। ਸਵੇਰੇ ਉੱਠ ਕੇ ਆਪਦੇ ਨਿੱਕੇ ਨਿੱਕੇ ਕੰਮ ਗਿਣਾਉ। ਸੰਦੀਪ,ਮੇਰੀ ਅਲਮਾਰੀ ਸਾਫ ਕਰਕੇ ਸੈੱਟ ਕਰਦੀਂ ਜਦੋਂ ਟੈਮ ਲੱਗਿਆ। ਕਦੇ ਕਹੂ ਮੰਮੀ ਤੋਂ ਮੇਰੇ ਆਹ ਕਪੜੇ ਚੱਜ ਨਾਲ ਪ੍ਰੈਸ ਨੀ ਹੁੰਦੇ ,ਤੂੰ ਕਰਕੇ ਧਰੀਂ ਦੁਬਾਰੇ।

ਕਦੇ ਕਦੇ ਤਾਂ ਕਮਲਾ ਨਹੁੰ ਕਟਾਉਣ ਬਹਿਜੂ ਮੈਥੋਂ ਤੇ ਕਦੇ ਕਹੂ ਤੇਲ ਲਾ ਦੇ ਮੇਰੇ ਸਿਰ ਚ!!ਮੈਂ ਵੀ ਚਾਈਂ ਚਾਈਂ ਕਰੂੰ ਸਭ ਪਰ ਅੰਦਰ ਇਕ ਚੀਸ ਵੀ ਹੁੰਦੀ ਅਾ ਜੋ ਨਾ ਤਾਂ ਮੈਨੂੰ ਕਹਿਣੀ ਆਉਂਦੀ ਅਾ ਤੇ ਨਾ ਲਿਖਣੀ। ਦਿਨ ਚ ਨੇੜੇ ਘਰਾਂ ਦੀਆਂ ਬੁੜ੍ਹੀਆਂ ਆਉਂਦੀਆਂ ਮਿਲਣ ਤਾਂ ਕਿੰਨਾ ਕਿੰਨਾ ਚਿਰ ਜੱਫੀ ਚ ਘੁੱਟੀਂ ਰੱਖਦੀਆਂ। ਓਦੋਂ ਲੱਗੂ ਕਿ ਹੋਰ ਤਾਂ ਸਹੁਰੀਂ ਕੀ ਦੁੱਖ ਹੈ,ਬਸ ਆਹੀ ਨਿੱਘ ਨੀ ਕਿਤੋਂ ਮਿਲ਼ਦਾ। ਐਵੇਂ ਦੁੱਖ ਸੁੱਖ ਕਰਦੇ ,ਹਸਦੇ ਹਸਾਉਂਦੇ 5-4 ਦਿਨ ਲੰਘ ਜਾਂਦੇ ਨੇ ਤੇ ਵਾਪਸੀ ਦਾ ਦਿਨ ਅਾ ਜਾਂਦਾ।ਫੇਰ ਵੀਰਾ ਕਹੂ। ਕੱਲ ਨੂੰ ਵੱਗ ਜੀਉ। ਮੈਂ ਛੱਡ ਆਊਂ ਤਾਂ, ਉੱਤਲੇ ਜੇ ਮਨੋਂ ਮੈਂ ਕਹੂੰ, ਨਾ ਅੱਜ ਹੀ ਚਲੇ ਜਾਣੇ ਹਾਂ, ਰਾਇਨ ਦਾ ਕੰਮ ਰਹਿੰਦਾ ਅਜੇ ਸਕੂਲ ਦਾ।

ਓਦਣ ਪਤਾ ਨੀ ਕੀ ਹੋ ਜਾਂਦਾ ਮੈਂ ਅੱਖ ਘੱਟ ਹੀ ਮਿਲਾਉਣੀ ਹਾਂ ਮੰਮੀ ਨਾਲ।ਜਿਵੇਂ ਪਹਿਲਾਂ ਤੋਂ ਹੀ ਮਨ ਸਮਝਾਉਣ ਲੱਗ ਜਾਂਦੀ ਹੋਵਾਂ ਕਿ ਮਨਾਂ ਜਾਣਾ ਤਾਂ ਪਉ ਹੀ!! ਫੇਰ ਡੈਡੀ ਨੇ ਕਿਧਰੇ ਬਾਹਰ ਜਾਣਾ ਹੋਵੇ ਤਾਂ ਮੰਮੀ ਨੂੰ ਪੈਸੇ ਫੜਾ ਕੇ ਜਾਣੇ ਮੈਨੂੰ ਦੇਣ ਲਈ, ਓਹਨਾ ਪੈਸਿਆਂ ਨੂੰ ਜੀਅ ਕਰੂ ਕਿਤੇ ਨਾ ਖਰਚਾਂ। ਮੇਰੇ ਮਾਪਿਆਂ ਦੇ ਦਿੱਤੇ ਹੋਏ ਨੇ। ਆਉਂਦੇ ਹੋਏ ਇੱਕ ਅਜੀਬ ਅੱਚਵੀ ਜਿਹੀ ਲੱਗ ਜਾਂਦੀ ਮਨ ਨੂੰ ਕਿ ਬਸ ਹੁਣ ਤਾਂ ਭੱਜ ਚੱਲ,ਹੋਰ ਕੋਈ ਚਾਰਾ ਵੀ ਨੀ।

ਗੱਡੀ ਵਿੱਚ ਬੈਠਣ ਲੱਗੇ ਮਾਂ ਨਾਲ ਬਿਨਾਂ ਅੱਖ ਮਿਲਾਏ ਹੀ “ਚੰਗਾ ਮਾਂ” ਕਹਿਣਾ ਤੇ ਤੁਰ ਪੈਣਾ। ਮਾਂ ਦਾ ਕਹਿਣਾ” ਹੁਣ ਕਈ ਦਿਨ ਸਾਡਾ ਜੀਅ ਨੀ ਲੱਗਣਾ,ਘਰ ਸੁੰਨਾ ਸੁੰਨਾ ਲੱਗੂ ” ਤਾਂ ਜਿਵੇਂ ਮੇਰਾ ਸਾਂਭ ਸਾਂਭ ਰਖਿਆ ਸਬਰ ਹੀ ਛਲ੍ਹਕਾ ਦਿੰਦਾ ਹਰ ਵਾਰੀ। ਬਸ ਇਹ ਵੈਰਾਗ ਇਥੇ ਤਕ ਹੀ ਹੁੰਦਾ ਸਹੁਰੇ ਘਰ ਅਾ ਕੇ ਤਾਂ ਆਉਦੀਂ ਹੀ ਕਿਸੇ ਨਾ ਕਿਸੇ ਕੰਮ ਨੂੰ ਹੱਥ ਪਾ ਲੈਣੀ ਆਂ ਕਿ ਥੋੜਾ।

ਸੰਦੀਪ ਕੌਰ